Saturday, 02 Dec 2023

ਸ੍ਰੀਲੰਕਾ ਵਿੱਚ ਐਮਰਜੈਂਸੀ ਲਾਗੂ, ਰਾਜਪਕਸੇ ਦੇਸ਼ ਛੱਡ ਕੇ ਭੱਜੇ

ਸ੍ਰੀਲੰਕਾ ਵਿੱਚ ਐਮਰਜੈਂਸੀ ਲਾਗੂ, ਰਾਜਪਕਸੇ ਦੇਸ਼ ਛੱਡ ਕੇ ਭੱਜੇ

ਕੋਲੰਬੋ,-ਲੋਕ ਰੋਹ ’ਚ ਬੁਰੀ ਤਰ੍ਹਾਂ ਘਿਰੇ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਦੇਸ਼ ਛੱਡ ਕੇ ਫ਼ੌਜੀ ਜਹਾਜ਼ ਵਿਚ ਮਾਲਦੀਵਜ਼ ਭੱਜ ਗਏ ਹਨ। ਰਾਸ਼ਟਰਪਤੀ ਦੇ ਨਾਲ ਉਨ੍ਹਾਂ ਦੀ ਪਤਨੀ ਤੇ ਦੋ ਸੁਰੱਖਿਆ ਅਧਿਕਾਰੀ ਵੀ ਸਨ। ਜ਼ਿਕਰਯੋਗ ਹੈ ਕਿ ਉਨ੍ਹਾਂ ਅੱਜ ਅਸਤੀਫ਼ਾ ਦੇਣਾ ਸੀ। ਮਾਲਦੀਵਜ਼ ਤੋਂ 73 ਸਾਲਾ ਰਾਜਪਕਸੇ ਨੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਬਣਾ ਦਿੱਤਾ ਹੈ। ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਬੇਵਰਦਨਾ ਨੇ ਰਾਜਪਕਸੇ ਵੱਲੋਂ ਵਿਕਰਮਸਿੰਘੇ ਨੂੰ ਜ਼ਿੰਮੇਵਾਰੀ ਸੌਂਪੇ ਜਾਣ ਦੀ ਪੁਸ਼ਟੀ ਕੀਤੀ ਹੈ। ਸਪੀਕਰ ਨੇ ਨਾਲ ਹੀ ਕਿਹਾ ਕਿ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਫੋਨ ਉਤੇ ਦੱਸਿਆ ਹੈ ਕਿ ਉਹ ਆਪਣੇ ਵਾਅਦੇ ਮੁਤਾਬਕ ਅਸਤੀਫ਼ਾ ਵੀ ਦੇਣਗੇ। ਨਵਾਂ ਰਾਸ਼ਟਰਪਤੀ 20 ਜੁਲਾਈ ਨੂੰ ਚੁਣਿਆ ਜਾਣਾ ਹੈ। ਇਸੇ ਦੌਰਾਨ ਕਾਰਜਕਾਰੀ ਰਾਸ਼ਟਰਪਤੀ ਵਿਕਰਮਸਿੰਘੇ ਨੇ ਦੇਸ਼ ਵਿਚ ਮੁੜ ਐਮਰਜੈਂਸੀ ਲਾ ਦਿੱਤੀ ਹੈ। ਦੇਸ਼ ਦੇ ਪੱਛਮੀ ਹਿੱਸੇ ਵਿਚ ਕਰਫ਼ਿਊ ਲਾ ਦਿੱਤਾ ਗਿਆ ਹੈ। ਵਿਕਰਮਸਿੰਘੇ ਨੇ ਟੀਵੀ ਪ੍ਰਸਾਰਨ ਵਿਚ ਕਿਹਾ, ‘ਸਾਨੂੰ ਲੋਕਤੰਤਰ ਲਈ ਬਣੇ ਇਸ ਫਾਸ਼ੀਵਾਦੀ ਖ਼ਤਰੇ ਦਾ ਖਾਤਮਾ ਕਰਨਾ ਹੀ ਪਏਗਾ। ਅਸੀਂ ਸਰਕਾਰੀ ਜਾਇਦਾਦ ਤਬਾਹ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ। ਕੁਝ ਲੋਕ ਮੈਨੂੰ ਰਾਸ਼ਟਰਪਤੀ ਵਜੋਂ ਜ਼ਿੰਮੇਵਾਰੀ ਨਿਭਾਉਣ ਤੋਂ ਰੋਕ ਰਹੇ ਹਨ। ਅਸੀਂ ਉਨ੍ਹਾਂ ਨੂੰ ਸੰਵਿਧਾਨ ਪਾੜਨ ਦੀ ਇਜਾਜ਼ਤ ਨਹੀਂ ਦੇ ਸਕਦੇ। ਮੁੱਖ ਧਾਰਾ ਦੇ ਕੁਝ ਆਗੂ ਵੀ ਕੱਟੜਵਾਦੀਆਂ ਨੂੰ ਸਮਰਥਨ ਦੇ ਰਹੇ ਹਨ। ਇਸ ਲਈ ਐਮਰਜੈਂਸੀ ਲਾਈ ਜਾ ਰਹੀ ਹੈ।’ ਹਾਲਾਂਕਿ ਐਮਰਜੈਂਸੀ ਲੱਗਣ ਤੋਂ ਬਾਅਦ ਸਰਕਾਰ ਵਿਰੋਧੀ ਰੋਸ ਮੁਜ਼ਾਹਰੇ ਹੋਰ ਵਧ ਗਏ ਹਨ। ਇਸੇ ਦੌਰਾਨ ਸਾਬਕਾ ਰਾਸ਼ਟਰਪਤੀ ਮੈਤਰੀਪਲਾ ਸਿਰੀਸੇਨਾ ਨੇ ਕਿਹਾ ਹੈ ਕਿ ਕਾਰਜਕਾਰੀ ਰਾਸ਼ਟਰਪਤੀ ਕੋਲ ਕੋਈ ਲੋਕ ਫ਼ਤਵਾ ਨਹੀਂ ਹੈ ਤੇ ਉਹ ਬਸ ਸੱਤਾ ਦੇ ਭੁੱਖੇ ਹਨ।

ਉਨ੍ਹਾਂ ਦੇ ਹੁਕਮ ਨਾ ਮੰਨੇ ਜਾਣ। ਸਿਰੀਸੇਨਾ ਨੇ ਕਿਹਾ ਕਿ ਗੜਬੜੀ ਨੂੰ ਕਾਬੂ ਕਰਨਾ ਹਥਿਆਰਬੰਦ ਬਲਾਂ ਦੀ ਜ਼ਿੰਮੇਵਾਰੀ ਹੈ। ਵਿਰੋਧੀ ਧਿਰ ਦੇ ਆਗੂ ਸਾਜਿਤ ਪ੍ਰੇਮਦਾਸਾ ਨੇ ਵੀ ਵਿਕਰਮਸਿੰਘੇ ਦਾ ਵਿਰੋਧ ਕੀਤਾ ਹੈ। ਦੇਸ਼ ਦੇ ਵਿੱਤੀ ਸੰਕਟ ਲਈ ਲੋਕ ਗੋਟਾਬਾਯਾ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ ਤੇ ਲੰਮੇ ਸਮੇਂ ਤੋਂ ਰਾਸ਼ਟਰਪਤੀ ਦੇ ਅਸਤੀਫ਼ੇ ਦੀ ਮੰਗ ਹੋ ਰਹੀ ਸੀ। ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਉਤੇ ਵੀ ਲੋਕਾਂ ਨੇ ਕਬਜ਼ਾ ਕਰ ਲਿਆ ਸੀ ਤੇ ਰਾਜਪਕਸੇ ਨੂੰ ਉੱਥੋਂ ਵੀ ਭੱਜਣ ਲਈ ਮਜਬੂਰ ਹੋਣਾ ਪਿਆ ਸੀ। ਵਿਕਰਮਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਬਣਾਉਣ ਲਈ ਰਾਜਪਕਸੇ ਨੇ ਸੰਵਿਧਾਨਕ ਤਾਕਤਾਂ ਦੀ ਵਰਤੋਂ ਕੀਤੀ ਹੈ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਰਕਾਰ ਦੀ ਬੇਨਤੀ ਤੋਂ ਬਾਅਦ ਰਾਸ਼ਟਰਪਤੀ ਨੂੰ ਮਿਲੀਆਂ ਸੰਵਿਧਾਨਕ ਤਾਕਤਾਂ ਤਹਿਤ ਤੇ ਰੱਖਿਆ ਮੰਤਰਾਲੇ ਦੀ ਪੂਰੀ ਪ੍ਰਵਾਨਗੀ ਨਾਲ ਹੀ ਰਾਸ਼ਟਰਪਤੀ ਨੂੰ ਸੈਨਿਕ ਜਹਾਜ਼ ਮੁਹੱਈਆ ਕਰਾਇਆ ਗਿਆ ਸੀ। ਦੱਸਣਯੋਗ ਹੈ ਕਿ ਰਾਸ਼ਟਰਪਤੀ ਹੋਣ ਕਾਰਨ ਰਾਜਪਕਸੇ ਨੂੰ ਕਾਨੂੰਨੀ ਕਾਰਵਾਈ ਤੋਂ ਛੋਟ ਮਿਲੀ ਹੋਈ ਸੀ। ਨਵੀਂ ਸਰਕਾਰ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੀ ਸੰਭਾਵਨਾ ਦੇ ਮੱਦੇਨਜ਼ਰ ਉਨ੍ਹਾਂ ਦੇ ਅਸਤੀਫ਼ੇ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਉਹ ਦੇਸ਼ ਛੱਡ ਕੇ ਚਲੇ ਗਏ ਹਨ। ਰਾਜਪਕਸੇ ਨੇ ਸ਼ਨਿਚਰਵਾਰ ਐਲਾਨ ਕੀਤਾ ਸੀ ਕਿ ਉਹ ਬੁੱਧਵਾਰ ਨੂੰ ਅਸਤੀਫ਼ਾ ਦੇਣਗੇ। ਮਾਲਦੀਵਜ਼ ਸਰਕਾਰ ਦਾ ਇਕ ਅਧਿਕਾਰੀ ਅੱਜ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਕਿਸੇ ਅਣਦੱਸੀ ਥਾਂ ਲੈ ਗਿਆ। ਮਾਲਦੀਵਜ਼ ਦੀ ਸਰਕਾਰ ਨੇ ਹਾਲੇ ਤੱਕ ਰਾਜਪਕਸੇ ਦੇ ਮੁਲਕ ਵਿਚ ਹੋਣ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਸੂਤਰਾਂ ਮੁਤਾਬਕ ਰਾਜਪਕਸੇ ਨੂੰ ਮਾਲਦੀਵਜ਼ ਵੱਲ ਕੱਢਣ ਲਈ ਉੱਥੋਂ ਦੀ ਸੰਸਦ ਦੇ ਸਪੀਕਰ ਅਤੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਦੀ ਮਦਦ ਲਈ ਗਈ ਹੈ। ਮਾਲਦੀਵਜ਼ ਦੀ ਸਰਕਾਰ ਦਾ ਤਰਕ ਹੈ ਕਿ ਰਾਜਪਕਸੇ ਹਾਲੇ ਵੀ ਸ੍ਰੀਲੰਕਾ ਦੇ ਰਾਸ਼ਟਰਪਤੀ ਹਨ ਤੇ ਉਹ ਚਾਹੁਣ ਤਾਂ ਉਨ੍ਹਾਂ ਦੇ ਦੇਸ਼ ਆ ਸਕਦੇ ਹਨ, ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਮਾਲਦੀਵਜ਼ ਦੀ ਸੰਸਦ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਮਾਲਦੀਵਜ਼ ਨੈਸ਼ਨਲ ਪਾਰਟੀ ਦੇ ਆਗੂ ਤੇ ਸਾਬਕਾ ਵਿਦੇਸ਼ ਮੰਤਰੀ ਦੁਨਿਆ ਮੌਮੂਨ ਨੇ ਕਿਹਾ ਕਿ ਸਰਕਾਰ ਨੇ ਸ੍ਰੀਲੰਕਾ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਸਰਕਾਰ ਤੋਂ ਸੰਸਦ ਵਿਚ ਸਫ਼ਾਈ ਮੰਗੀ ਜਾਵੇਗੀ। ਰਾਜਪਕਸੇ ਦੇ ਨਾਲ 13 ਜਣੇ ਏਐੱਨ32 ਜਹਾਜ਼ ਵਿਚ ਮਾਲਦੀਵਜ਼ ਆਏ ਹਨ। ਰਿਪੋਰਟਾਂ ਮੁਤਾਬਕ ਪਹਿਲਾਂ ਮਾਲਦੀਵਜ਼ ਦੀ ਨਾਗਰਿਕ ਹਵਾਬਾਜ਼ੀ ਅਥਾਰਿਟੀ ਨੇ ਫ਼ੌਜੀ ਜਹਾਜ਼ ਨੂੰ ਉਤਰਨ ਨਹੀਂ ਦਿੱਤਾ ਪਰ ਮਗਰੋਂ ਸਪੀਕਰ ਨਸ਼ੀਦ ਦੀ ਬੇਨਤੀ ਉਤੇ ਇਸ ਨੂੰ ਲੈਂਡ ਕਰਨ ਦਿੱਤਾ ਗਿਆ। ‘ਡੇਅਲੀ ਮਿਰਰ’ ਦੀ ਇਕ ਰਿਪੋਰਟ ਮੁਤਾਬਕ ਰਾਸ਼ਟਰਪਤੀ ਰਾਜਪਕਸੇ ਅੱਜ ਹੀ ਸਿੰਗਾਪੁਰ ਵੱਲ ਨਿਕਲ ਸਕਦੇ ਹਨ। ਆਪਣੀ ਆਖ਼ਰੀ ਮੰਜ਼ਿਲ ਉਤੇ ਪਹੁੰਚਣ ਤੋਂ ਬਾਅਦ ਹੀ ਉਨ੍ਹਾਂ ਦੇ ਅਸਤੀਫ਼ਾ ਦੇਣ ਦੀ ਸੰਭਾਵਨਾ ਹੈ। ‘ਬੀਬੀਸੀ’ ਦੀ ਖ਼ਬਰ ਮੁਤਾਬਕ ਰਾਜਪਕਸੇ ਦੇ ਛੋਟੇ ਭਰਾ ਤੇ ਵਿੱਤ ਮੰਤਰੀ ਬਾਸਿਲ ਰਾਜਪਕਸੇ ਵੀ ਦੇਸ਼ ਛੱਡ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਮੰਗਲਵਾਰ ਹਵਾਈ ਅੱਡੇ ਤੋਂ ਮੋੜ ਦਿੱਤਾ ਗਿਆ ਸੀ। ਰਾਜਪਕਸੇ ਦੇ ਦੇਸ਼ ਛੱਡਣ ਦੀ ਖ਼ਬਰ ਫੈਲਣ ਤੋਂ ਬਾਅਦ ਕਈ ਥਾਵਾਂ ਉਤੇ ਲੋਕਾਂ ਨੇ ਖ਼ੁਸ਼ੀ ਵੀ ਮਨਾਈ।

ਫ਼ੌਜ ਤੇ ਪੁਲੀਸ ਵੱਲੋਂ ਲੋਕਾਂ ਨੂੰ ਸ਼ਾਂਤੀ ਲਈ ਅਪੀਲ, ਸਪੀਕਰ ਨੂੰ ਸਰਬ-ਪਾਰਟੀ ਮੀਟਿੰਗ ਸੱਦਣ ਦੀ ਬੇਨਤੀ

ਕੋਲੰਬੋ:ਸ੍ਰੀਲੰਕਾ ਦੀ ਫ਼ੌਜ ਤੇ ਪੁਲੀਸ ਨੇ ਸੰਸਦ ਦੇ ਸਪੀਕਰ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਰੀਆਂ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ਸੱਦਣ। ਮੀਟਿੰਗ ਵਿਚ ਉਨ੍ਹਾਂ ਨੂੰ ‘ਵਰਤਮਾਨ ਸੰਕਟ’ ਦੇ ਸਿਆਸੀ ਹੱਲ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਜਾਣੂ ਕਰਾਇਆ ਜਾਵੇ। ਇਕ ਬਿਆਨ ਵਿਚ ਡਿਫੈਂਸ ਸਟਾਫ਼ ਦੇ ਮੁਖੀ ਸ਼ਵੇਂਦਰ ਸਿਲਵਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ-ਵਿਵਸਥਾ ਕਾਇਮ ਰੱਖਣ ਵਿਚ ਤਿੰਨਾਂ ਸੈਨਾਵਾਂ ਦੀ ਮਦਦ ਕਰਨ। ਉਨ੍ਹਾਂ ਮੁਜ਼ਾਹਰਾਕਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਸਰਕਾਰੀ ਜਾਂ ਪ੍ਰਾਈਵੇਟ ਸੰਪਤੀ ਦਾ ਨੁਕਸਾਨ ਨਾ ਕਰਨ। ਉਨ੍ਹਾਂ ਕਿਹਾ ਕਿ ਜਦ ਤੱਕ ਨਵਾਂ ਰਾਸ਼ਟਰਪਤੀ ਨਹੀਂ ਚੁਣ ਲਿਆ ਜਾਂਦਾ, ਲੋਕ ਸੁਰੱਖਿਆ ਬਲਾਂ ਦੀ ਸਹਾਇਤਾ ਕਰਨ।

ਮੁਜ਼ਾਹਰਾਕਾਰੀਆਂ ਨੇ ਘੇਰਿਆ ਪ੍ਰਧਾਨ ਮੰਤਰੀ ਦਾ ਦਫ਼ਤਰ

ਕੋਲੰਬੋ:ਮੁਜ਼ਾਹਰਾਕਾਰੀ ਅੱਜ ਕੋਲੰਬੋ ਵਿਚ ਪ੍ਰਧਾਨ ਮੰਤਰੀ ਤੇ ਕਾਰਜਕਾਰੀ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਦੇ ਦਫ਼ਤਰ ਨੇੜੇ ਇਕੱਠੇ ਹੋ ਗਏ। ਵਿਕਰਮਸਿੰਘੇ ਨੇ ਕਿਹਾ ਕਿ ਹਥਿਆਰਬੰਦ ਬਲਾਂ ਦੇ ਮੁਖੀਆਂ ਦੀ ਇਕ ਕਮੇਟੀ ਬਣਾ ਕੇ ਸਥਿਤੀ ਕਾਬੂ ਹੇਠ ਕਰਨ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪ ਦਿੱਤੀ ਗਈ ਹੈ। ਕੋਈ ਸਿਆਸੀ ਦਖ਼ਲ ਨਹੀਂ ਦਿੱਤਾ ਜਾਵੇਗਾ। ਰਨਿਲ ਨੇ ਨਾਲ ਹੀ ਕਿਹਾ ਕਿ ਜਦ ਸਰਬ-ਪਾਰਟੀ ਸਰਕਾਰ ਬਣ ਜਾਵੇਗੀ ਤਾਂ ਉਹ ਪ੍ਰਧਾਨ ਮੰਤਰੀ ਵਜੋਂ ਅਸਤੀਫ਼ਾ ਦੇ ਦੇਣਗੇ। ਇਸੇ ਦੌਰਾਨ ਸ੍ਰੀਲੰਕਾ ਦੀਆਂ ਸਿਆਸੀ ਪਾਰਟੀਆਂ ਨੇ ਨਵਾਂ ਰਾਸ਼ਟਰਪਤੀ ਚੁਣਨ ਤੇ ਸਰਬ-ਪਾਰਟੀ ਸਰਕਾਰ ਦੇ ਗਠਨ ਲਈ ਸਰਗਰਮੀਆਂ ਵਧਾ ਦਿੱਤੀਆਂ ਹਨ। ਵਿਕਰਮਸਿੰਘੇ ਨੇ ਕਿਹਾ ਕਿ ਉਨ੍ਹਾਂ ਨੂੰ ਇੰਟੈਲੀਜੈਂਸ ਨੇ ਜਾਣੂ ਕਰਾਇਆ ਸੀ ਕਿ ਕੁਝ ਸਮੂਹ ਪ੍ਰਧਾਨ ਮੰਤਰੀ ਦਫ਼ਤਰ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਏਅਰ ਫੋਰਸ ਕਮਾਂਡਰ ਦੇ ਦਫ਼ਤਰ ਨੂੰ ਵੀ ਘੇਰ ਲਿਆ ਸੀ ਤੇ ਉਹ ਰਾਸ਼ਟਰਪਤੀ ਨੂੰ ਸੈਨਾ ਦੇ ਜਹਾਜ਼ ਰਾਹੀਂ ਮੁਲਕ ਤੋਂ ਬਾਹਰ ਜਾਣ ਦੇਣ ਦਾ ਵਿਰੋਧ ਕਰ ਰਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਜਲ ਸੈਨਾ ਮੁਖੀ ਦੀ ਰਿਹਾਇਸ਼ ਨੂੰ ਵੀ ਘੇਰਨ ਦਾ ਫ਼ੈਸਲਾ ਕੀਤਾ ਸੀ। ਕਾਰਜਕਾਰੀ ਰਾਸ਼ਟਰਪਤੀ ਨੇ ਕਿਹਾ ਕਿ ਇਹ ਗਰੁੱਪ ਮੁਲਕ ਉਤੇ ਕਬਜ਼ਾ ਕਰਨ ਦੀ ਤਾਕ ਵਿਚ ਸਨ। ਉਨ੍ਹਾਂ ਰੱਖਿਆ ਬਲਾਂ ਨੂੰ ਜਾਇਜ਼ ਕਾਰਵਾਈ ਤਹਿਤ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਵੀ ਦਿੱਤੇ ਹਨ। ਪ੍ਰਧਾਨ ਮੰਤਰੀ ਦਫ਼ਤਰ ਨੂੰ ਘੇਰਨ ਵਾਲੇ ਲੋਕਾਂ ਵਿਰੁੱਧ ਪੁਲੀਸ ਨੇ ਅੱਜ ਅੱਥਰੂ ਗੈਸ ਵਰਤੀ। ਉਹ ਪ੍ਰਧਾਨ ਮੰਤਰੀ ਦਾ ਅਸਤੀਫ਼ਾ ਮੰਗ ਰਹੇ ਸਨ। ਪ੍ਰਧਾਨ ਮੰਤਰੀ ਦਫ਼ਤਰ ਨੂੰ ਲੋਕਾਂ ਵੱਲੋਂ ਘੇਰਨ ’ਤੇ ਸ੍ਰੀਲੰਕਾ ਦੇ ਸਰਕਾਰੀ ਟੀਵੀ ਚੈਨਲ ਨੂੰ ਵੀ ਆਪਣਾ ਪ੍ਰਸਾਰਨ ਕੁਝ ਸਮੇਂ ਲਈ ਬੰਦ ਕਰਨਾ ਪਿਆ।

ਰਾਜਪਕਸੇ ਦੀ ਮਦਦ ਦੇ ਦੋਸ਼ ਭਾਰਤ ਨੇ ਨਕਾਰੇ, ਲੋਕਾਂ ਨਾਲ ਇਕਜੁੱਟਤਾ ਪ੍ਰਗਟਾਈ

ਕੋਲੰਬੋ/ਨਵੀਂ ਦਿੱਲੀ:ਸ੍ਰੀਲੰਕਾ ਵਿਚ ਭਾਰਤ ਦੇ ਹਾਈ ਕਮਿਸ਼ਨ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਹੈ ਕਿ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਦੀ ਮਾਲਦੀਵਜ਼ ਜਾਣ ’ਚ ਭਾਰਤ ਨੇ ਮਦਦ ਕੀਤੀ ਹੈ। ਉਨ੍ਹਾਂ ਇਸ ਨੂੰ ‘ਬੇਬੁਨਿਆਦ’ ਕਰਾਰ ਦਿੱਤਾ। ਭਾਰਤੀ ਮਿਸ਼ਨ ਨੇ ਟਵੀਟ ਕੀਤਾ ਕਿ ਉਹ ਸ੍ਰੀਲੰਕਾ ਦੇ ਲੋਕਾਂ ਦੀ ਮਦਦ ਕਰਦੇ ਰਹਿਣਗੇ। ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤ ਲੋਕਤੰਤਰਿਕ ਤੌਰ-ਤਰੀਕਿਆਂ ਤੇ ਸੰਵਿਧਾਨਕ ਕਦਰਾਂ-ਕੀਮਤਾਂ ਦੇ ਦਾਇਰੇ ਵਿਚ ਸ੍ਰੀਲੰਕਾ ਦੇ ਲੋਕਾਂ ਦੀ ਖ਼ੁਸ਼ਹਾਲੀ ਤੇ ਤਰੱਕੀ ਵਿਚ ਸਹਿਯੋਗੀ ਬਣੇਗਾ।  


More in Punjabi News

ਬ੍ਰਾਜ਼ੀਲ: ਦੰਗਿਆਂ ਦੇ ਦੋਸ਼ ਹੇਠ 1500 ਵਿਅਕਤੀ ਕਾਬੂ; ਬਰਾਸੀਲੀਆ ਦੇ ਗਵਰਨਰ ਨੂੰ ਹਟਾਇਆ

ਓਰਲੈਂਡੋ-ਬ੍ਰਾਜ਼ੀਲ ਦੀ ਰਾਜਧਾਨੀ ’ਚ ਸਰਕਾਰੀ ਇਮਾਰਤਾਂ ’ਤੇ ਗਦਰ ਮਚਾਉਣ ਵਾਲੇ ਸਾਬਕਾ ਰਾਸ਼...

ਅੰਮ੍ਰਿਤਸਰ: ਪੰਜਾਬ ’ਚ ਭਾਰਤ ਜੋੜੋ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਹਰਿਮੰਦਰ ਸਾਹਿਬ ’ਚ ਨਤਮਸਤਕ ਹੋਏ

ਅੰਮ੍ਰਿਤਸਰ-ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੇ ਅੱਜ ਪੰਜਾਬ ...

ਸਿੱਧੂ ਮੂਸੇਵਾਲਾ ਕਤਲ ਕਾਂਡ: ਬੱਬੂ ਮਾਨ ਅਤੇ ਮਨਕੀਰਤ ਔਲਖ ਤੋਂ ਮਾਨਸਾ ’ਚ ਵਿਸ਼ੇਸ਼ ਜਾਂਚ ਟੀਮ ਨੇ ਪੁੱਛ-ਪੜਤਾਲ ਕੀਤੀ

ਮਾਨਸਾ-ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਸਬੰਧ...

ਆਸਟਰੇਲੀਆ ’ਚ ਔਰਤ ਦੀ ਹੱਤਿਆ ਕਰਨ ਵਾਲਾ ਪੰਜਾਬੀ ਦਿੱਲੀ ਤੋਂ ਕਾਬੂ

ਮੋਗਾ-ਦਿੱਲੀ ਪੁਲੀਸ ਨੇ ਅੱਜ ਭਾਰਤੀ ਮੂਲ ਦੇ ਆਸਟਰੇਲਿਆਈ ਨਾਗਰਿਕ ਰਾਜਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ...

ਸਿੰਘ ਸਾਹਿਬਾਨ ਦੇ ਫ਼ੈਸਲੇ: ਲੰਗਾਹ ਨੂੰ ਤਨਖਾਹ ਤੇ ਅਮਰੀਕਾ ਵਾਸੀ ਥਮਿੰਦਰ ਸਿੰਘ ਆਨੰਦ ਸਿੱਖ ਪੰਥ ’ਚੋਂ ਖਾਰਜ

ਅੰਮ੍ਰਿਤਸਰ-ਅਕਾਲ ਤਖ਼ਤ ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ...

ਸੱਤਾਧਾਰੀ ਪਾਰਟੀ ਮੁਕਾਬਲੇ ਸੂਨਕ ਲੋਕਾਂ ਨੂੰ ਵਧੇਰੇ ਪਸੰਦ

ਲੰਡਨ-ਭਾਰਤੀ ਮੂਲ ਦੇ ਰਿਸ਼ੀ ਸੂਨਕ ਵੱਲੋਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਇੱਕ ਮਹੀਨਾ ਬਾਅਦ ਇਹ ਸ...

ਟਰੰਪ ਵੱਲੋਂ ਰਾਸ਼ਟਰਪਤੀ ਚੋਣਾਂ ਲੜਨ ਦਾ ਐਲਾਨ

ਵਾਸ਼ਿੰਗਟਨ-ਸਾਲ 2020 ਦੀਆਂ ਅਮਰੀਕੀ ਚੋਣਾਂ ਦੇ ਨਤੀਜਿਆਂ ਨੂੰ ਪਲਟਾਉਣ ਤੇ ਧੁਰ ਅੰਦਰੋਂ ਮੁਲਕ ਦੇ ਧਰੁਵੀਕਰਨ ਦੀ ਕੋਸ਼ਿਸ਼ ਕਰਨ ਵਾਲੇ ਡੋਨਲਡ ...

ਜੀ-20 ਦੀ ਪ੍ਰਧਾਨਗੀ ਭਾਰਤ ਸਪੁਰਦ

ਬਾਲੀ-ਇੰਡੋਨੇਸ਼ੀਆ ਨੇ ਅਗਾਮੀ ਸਾਲ ਲਈ ਜੀ-20 ਦੀ ਪ੍ਰਧਾਨਗੀ ਅੱਜ ਭਾਰਤ ਨੂੰ ਸੌਂਪ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਹਰੇਕ ਭਾਰਤੀ ਲਈ ਮ...

ਅਮਰੀਕਾ: ਸੜਕ ਹਾਦਸੇ ’ਚ ਭਾਰਤ ਦੇ ਤਿੰਨ ਵਿਦਿਆਰਥੀਆਂ ਦੀ ਮੌਤ

ਵਾਸ਼ਿੰਗਟਨ-ਅਮਰੀਕਾ ਦੇ ਮੈਸੇਚਿਊਸੈੱਟਸ ਸੂਬੇ ਦੇ ਸ਼ੈਫੀਲਡ ਸ਼ਹਿਰ ਵਿੱਚ ਕਾਰ ਹਾਦਸੇ ਵਿੱਚ ਭਾਰਤ ਦੇ ਤਿੰਨ ਵਿਦਿਆਰ...

ਅਮਰੀਕਾ: ਸਿੱਖ ਪੁਲੀਸ ਅਧਿਕਾਰੀ ਸੰਦੀਪ ਧਾਲੀਵਾਲ ਦੇ ਕਾਤਲ ਨੂੰ ਸਜ਼ਾ-ਏ-ਮੌਤ

ਹਿਊਸਟਨ-ਅਮਰੀਕਾ ਦੇ ਟੈਕਸਸ ’ਚ ਪਹਿਲੇ ਦਸਤਾਰਧਾਰੀ ਭਾਰਤੀ-ਅਮਰੀਕੀ ਪੁਲੀਸ ਅਧਿਕਾਰੀ ਸੰਦੀਪ ਸਿੰਘ ਧਾ...

ਮਲਿਕਾਰਜੁਨ ਖੜਗੇ ਬਣੇ ਕਾਂਗਰਸ ਦੇ ਨਵੇਂ ਪ੍ਰਧਾਨ

ਨਵੀਂ ਦਿੱਲੀ-ਮਲਿਕਾਰਜੁਨ ਖੜਗੇ ਕਾਂਗਰਸ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਖੜਗੇ ਨੇ ਪਾਰਟੀ ਦੇ 137 ਸਾਲਾ ਇਤਿਹਾਸ ਵਿੱਚ ਪਾਰਟੀ ਪ੍ਰਧਾ...

ਧਾਰਮਿਕ ਆਜ਼ਾਦੀ ਅਮਰੀਕਾ ਦੀ ਮੁੱਖ ਬੁਨਿਆਦ: ਬਲਿੰਕਨ

ਵਾਸ਼ਿੰਗਟਨ-ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਦੀਵਾਲੀ ਮੌਕੇ ਕਰਵਾਏ ਗੲੇ ਸਮਾਗਮ ’ਚ ਕਿਹਾ ਕਿ ਧਾਰਮਿਕ ਆਜ਼ਾਦੀ ਅਮ...